Job 37

1ਹਾਂ, ਇਸ ਗੱਲ ਤੇ ਵੀ ਮੇਰਾ ਦਿਲ ਕੰਬਦਾ ਹੈ, ਅਤੇ ਆਪਣੇ ਥਾਂ ਤੋਂ ਉੱਛਲਦਾ ਹੈ । 2ਉਹ ਦੇ ਗੱਜਣ ਦੀ ਅਵਾਜ਼ ਨੂੰ, ਅਤੇ ਉਹ ਗੂੰਜ ਜਿਹੜੀ ਉਹ ਦੇ ਮੂੰਹੋਂ ਨਿੱਕਲਦੀ ਹੈ, ਸੁਣੋ ! 3ਉਹ ਉਸ ਨੂੰ ਸਾਰੇ ਅਕਾਸ਼ ਦੇ ਹੇਠ ਅਤੇ ਆਪਣੀ ਬਿਜਲੀ ਨੂੰ ਧਰਤੀ ਦੀਆਂ ਹੱਦਾਂ ਤੱਕ ਭੇਜਦਾ ਹੈ ।

4ਉਹ ਦੇ ਪਿੱਛੇ ਇੱਕ ਗੱਜਣ ਦਾ ਸ਼ਬਦ ਹੁੰਦਾ ਹੈ, ਉਹ ਆਪਣੀ ਸ਼ਾਨਦਾਰ ਅਵਾਜ਼ ਨਾਲ ਗੜ੍ਹਕਦਾ ਹੈ, ਅਤੇ ਜਦ ਉਹ ਦਾ ਸ਼ਬਦ ਸੁਣਾਈ ਦਿੰਦਾ ਹੈ ਤਾਂ ਬਿਜਲੀਆਂ ਲਗਾਤਾਰ ਚਮਕਦੀਆਂ ਹਨ ! 5ਪਰਮੇਸ਼ੁਰ ਅਦਭੁਤ ਤਰੀਕੇ ਨਾਲ ਆਪਣਾ ਸ਼ਬਦ ਸੁਣਾਉਂਦਾ ਹੈ, ਉਹ ਵੱਡੇ-ਵੱਡੇ ਕੰਮ ਕਰਦਾ ਹੈ ਜਿਹੜੇ ਅਸੀਂ ਸਮਝਦੇ ਨਹੀਂ । 6ਉਹ ਤਾਂ ਬਰਫ਼ ਨੂੰ ਆਖਦਾ ਹੈ, “ਧਰਤੀ ਉੱਤੇ ਡਿੱਗ !” ਨਾਲੇ ਮੀਂਹ ਦੀਆਂ ਫੁਹਾਰਾਂ ਨੂੰ, ਅਤੇ ਮੋਹਲੇਧਾਰ ਮੀਂਹ ਦੀਆਂ ਫੁਹਾਰਾਂ ਨੂੰ ਵੀ ਇਹੋ ਹੁਕਮ ਦਿੰਦਾ ਹੈ ।

7ਉਹ ਸਭਨਾਂ ਨੂੰ ਉਹਨਾਂ ਦੇ ਕੰਮਾਂ ਤੋਂ ਰੋਕ ਦਿੰਦਾ ਹੈ ਤਾਂ ਜੋ ਉਸ ਦੇ ਬਣਾਏ ਹੋਏ ਸਾਰੇ ਮਨੁੱਖ ਉਹ ਦੇ ਕੰਮਾਂ ਨੂੰ ਜਾਣਨ । 8ਤਦ ਜੰਗਲੀ ਜਾਨਵਰ ਖੁੰਧਰਾਂ ਵਿੱਚ ਜਾਂਦੇ ਹਨ, ਅਤੇ ਆਪਣੇ ਘੁਰਨਿਆਂ ਵਿੱਚ ਜਾ ਵੱਸਦੇ ਹਨ । 9ਤੂਫ਼ਾਨ ਆਪਣੀ ਕੋਠੜੀ ਤੋਂ ਬਾਹਰ ਆਉਂਦਾ ਹੈ, ਅਤੇ ਖਿਲਾਰਨ ਵਾਲੀਆਂ ਹਵਾਵਾਂ ਨਾਲ ਪਾਲਾ ਆਉਂਦਾ ਹੈ ।

10ਪਰਮੇਸ਼ੁਰ ਦੇ ਸਾਹ ਨਾਲ ਬਰਫ਼ ਪੈਂਦੀ ਹੈ, ਅਤੇ ਚੌੜੇ ਪਾਣੀ ਜੰਮ ਜਾਂਦੇ ਹਨ । 11ਹਾਂ, ਉਹ ਘਟਾਂ ਉੱਤੇ ਨਮੀ ਨੂੰ ਲੱਦਦਾ ਹੈ, ਉਹ ਆਪਣੀ ਬਿਜਲੀ ਦੇ ਬੱਦਲ ਨੂੰ ਦੂਰ ਤੱਕ ਫੈਲਾਉਂਦਾ ਹੈ ।

12ਉਹ ਉਸ ਦੀ ਅਗਵਾਈ ਨਾਲ ਆਲੇ-ਦੁਆਲੇ ਫਿਰਦੇ ਹਨ, ਭਈ ਜੋ ਕੁਝ ਉਹ ਹੁਕਮ ਦੇਵੇ, ਉਹ ਉਸ ਦੀ ਵਸਾਈ ਹੋਈ ਧਰਤੀ ਉੱਤੇ ਪੂਰਾ ਕਰਨ । 13ਭਾਵੇਂ ਤਾੜਨ ਲਈ, ਭਾਵੇਂ ਆਪਣੀ ਧਰਤੀ ਦੀ ਭਲਿਆਈ ਲਈ, ਭਾਵੇਂ ਮਨੁੱਖਾਂ ਉੱਤੇ ਦਯਾ ਕਰਨ ਲਈ ਉਸ ਨੂੰ ਭੇਜਦਾ ਹੈ ।

14ਹੇ ਅਯੂੱਬ, ਇਸ ਗੱਲ ਵੱਲ ਕੰਨ ਲਾ ਅਤੇ ਸੁਣ ਲੈ, ਚੁੱਪਚਾਪ ਖੜ੍ਹਾ ਰਹਿ ਅਤੇ ਪਰਮੇਸ਼ੁਰ ਦੇ ਅਚੰਭਿਆਂ ਨੂੰ ਗੌਰ ਨਾਲ ਸੋਚ ! 15ਕੀ ਤੂੰ ਜਾਣਦਾ ਹੈਂ ਕਿ ਪਰਮੇਸ਼ੁਰ ਕਿਵੇਂ ਬੱਦਲਾਂ ਉੱਤੇ ਹੁਕਮ ਚਲਾਉਂਦਾ ਹੈ, ਅਤੇ ਆਪਣੇ ਬੱਦਲਾਂ ਦੀ ਬਿਜਲੀ ਚਮਕਾਉਂਦਾ ਹੈ ?

16ਕੀ ਤੂੰ ਬੱਦਲਾਂ ਦਾ ਤੋਲਣਾ ਅਤੇ ਉਹ ਦੇ ਅਚੰਭੇ ਕੰਮ ਜੋ ਗਿਆਨ ਵਿੱਚ ਸੰਪੂਰਨ ਹਨ, ਜਾਣਦਾ ਹੈਂ ? 17ਤੂੰ ਜਿਸ ਦੇ ਬਸਤਰ ਗਰਮ ਹਨ, ਜਦ ਕਿ ਦੱਖਣੀ ਹਵਾ ਤੋਂ ਧਰਤੀ ਸੁੰਨ ਹੋ ਜਾਂਦੀ ਹੈ ?

18ਭਲਾ, ਤੂੰ ਉਹ ਦੇ ਨਾਲ ਅਕਾਸ਼ ਮੰਡਲ ਤਾਣ ਸਕਦਾ ਹੈ, ਜਿਹੜਾ ਢਾਲੇ ਹੋਏ ਸ਼ੀਸ਼ੇ ਵਾਂਗੂੰ ਨਿੱਗਰ ਹੈ ?

19ਸਾਨੂੰ ਸਮਝਾ ਭਈ ਅਸੀਂ ਉਹ ਨੂੰ ਕੀ ਆਖੀਏ, ਅਸੀਂ ਆਪਣੀਆਂ ਗੱਲਾਂ ਨੂੰ ਹਨੇਰੇ ਦੇ ਕਾਰਨ ਸੁਧਾਰ ਨਹੀਂ ਸਕਦੇ । 20ਭਲਾ, ਉਹ ਨੂੰ ਦੱਸਿਆ ਜਾਵੇ ਕਿ ਮੈਂ ਬੋਲਣਾ ਚਾਹੁੰਦਾ ਹਾਂ ? ਕੋਈ ਮਨੁੱਖ ਕਦੀ ਚਾਹੇਗਾ ਕਿ ਮੈਂ ਨਿਗਲ ਲਿਆ ਜਾਂਵਾਂ ?

21ਹੁਣੇ ਤਾਂ ਕੋਈ ਸੂਰਜ ਵੱਲ ਵੀ ਨਹੀਂ ਵੇਖ ਸਕਦਾ, ਜਿਹੜਾ ਬੱਦਲਾਂ ਵਿੱਚ ਚਮਕਦਾ ਹੈ, ਜਦ ਹਵਾ ਲੰਘ ਕੇ ਉਹਨਾਂ ਨੂੰ ਸਾਫ਼ ਕਰ ਦਿੰਦੀ ਹੈ । 22ਉੱਤਰ ਵੱਲੋਂ ਸੁਨਿਹਰੀ ਝਲਕ ਆਉਂਦੀ ਹੈ, ਪਰਮੇਸ਼ੁਰ ਭੈ ਯੋਗ ਤੇਜ ਤੋਂ ਸ਼ੋਭਾਮਾਨ ਹੈ !

23ਸਰਬ ਸ਼ਕਤੀਮਾਨ ਨੂੰ ਜੋ ਸ਼ਕਤੀ ਵਿੱਚ ਮਹਾਨ ਹੈ ਅਤੇ ਜਿਸ ਦਾ ਭੇਤ ਅਸੀਂ ਨਹੀਂ ਪਾ ਸਕਦੇ, ਉਹ ਨਿਆਂ ਅਤੇ ਧਰਮ ਦੀ ਬਹੁਤਾਇਤ ਨੂੰ ਨਿਰਬਲ ਨਹੀਂ ਕਰਦਾ ! ਇਸ ਲਈ ਮਨੁੱਖ ਉਸ ਤੋਂ ਡਰਦੇ ਹਨ, ਉਹ ਆਪਣੀ ਨਜ਼ਰ ਵਿੱਚ ਬੁੱਧਵਾਨ ਹਨ, ਉਹਨਾਂ ਦੀ ਉਹ ਪਰਵਾਹ ਨਹੀਂ ਕਰਦਾ ।”

24

Copyright information for PanULB